ਪੰਜਾਬ ਸਿੰਹੁ ਦੇ ਵਿਹੜੇ ਚ ਇਹਦੇ "ਸਲੱਗ"ਪੁੱਤਰਾਂ ਲਾਈਆਂ ਰੌਣਕਾਂ ਦੀਆਂ ਕੁਝ ਤਾਜਾ ਝਲਕੀਆਂ ਸਭ ਇਕ ਥੈਲੀ ਦੇ ਚੱਟੇ ਵੱਟੇ.ਕੀ ਸਾਰੇ ਸੁਥਰੇ ਆ?
ਪੰਜਾਬ ਸਿੰਹੁ ਦੇ ਵਿਹੜੇ ਚ ਇਹਦੇ ਸਲੱਗ ਪੁੱਤਰਾਂ ਲਾਈਆਂ ਰੌਣਕਾਂ ਦੀਆਂ ਕੁਝ ਤਾਜਾ ਝਲਕੀਆਂ
ਪੰਜਾਬ ਦੇ ਇਹਨਾਂ ਸਾਰੇ ਲੀਡਰਾਂ ਵਿਚ ਹੰਕਾਰ ਇੰਨਾ ਜਿਆਦਾ ਕਿ ਜਦੋਂ ਵੀ ਲੀਡਰ ਕਿਸੇ ਦੂਜੇ ਲੀਡਰ ਉਤੇ ਨਿੱਜੀ ਹਮਲਾ ਕਰੇ ਤਾਂ ਇੱਕ ਦਮ ਉਸਦਾ ਜਵਾਬ ਦੇਣ ਭੱਜਦੇ ਹਨ।।ਪਤਾ ਨਹੀ ਏਡਾ ਕੀ ਧੌਣ ਚ ਕਿੱਲਾ ਇਹਨਾਂ ਦੇ ।ਤੇ ਦੂਜੇ ਪਾਸੇ ਲੋਕ ਕੀਰਨੇ ਪਾ ਪਾ ਮੱਦਦ ਲਈ ਚੀਕਾਂ ਮਾਰਦੇ ਰਹਿਣ ਕੋਈ ਸੁਣਨ ਵਾਲਾ ਦਿਸਦਾ ਨਹੀਂ। ਤੇ ਸਾਡੇ ਪਾਗਲ ਲੋਕ ਇਹਨਾਂ ਲੀਡਰਾ ਪਿੱਛੇ ਆਪਸੀ ਝਗੜੇ ਕਰੀ ਜਾਂਦੇ।
ਇੱਕ ਅੱਧੇ ਲੀਡਰ ਨੇ ਮੁੱਦਿਆਂ ਉਤੇ ਸਰਕਾਰ ਪਾਸੋਂ ਜਵਾਬ ਵੀ ਮੰਗੇ ਪਰ ਕਿਸੇ ਨੇ ਜਵਾਬ ਤੱਕ ਨਾ ਦਿੱਤਾ, ਨਾ ਹੀ ਕਿਸੇ ਅਕਾਲੀ ਜਾਂ ਕਾਂਗਰਸੀ ਲੀਡਰ ਨੇ ਮੁੱਦਿਆਂ ਲਈ ਇੱਕਠੇ ਹੋਕੇ ਉਹਨਾ ਦਾ ਸਾਥ ਦਿੱਤਾ, ਹੰਕਾਰੀ ਲੀਡਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ।
ਇਹਨਾਂ ਸਾਰੇ ਲੀਡਰਾਂ ਦੀ ਹੁਣ ਇਕ ਈ ਟੈਗ ਲਾਈਨ ਆ
ਕੋਈ ਮਰੇ ਤੇ ਕੋਈ ਜੀਵੇ।। ਸੁਥਰਾ ਘੋਲ ਪਤਾਸੇ ਪੀਵੇ
ਪੰਜਾਬ ਫਿਰ ਵੀ ਧਰਵਾਸਾ ਕਰ ਲੈਂਦਾ ਜੇ ਇਹ ਕੱਲੇ ਸੁਥਰੇ ਈ ਹੁੰਦੇ ਕਿਸੇ ਨੂੰ ਤੰਗ ਤਾਂ ਨਾ ਕਰਦੇ ਪਰ ਇਹਨੂੰ ਪੰਜਾਬ ਦੀ ਬਦਕਿਸਮਤੀ ਕਹਿ ਕਿ ਜੋ ਵੀ ਖਾਊ ਤਾਂ ਪੰਜਾਬ ਦਾ ਪਰ ਗੁਣ ਦਿੱਲੀ ਦੇ ਈ ਗਾਊ। ਇਹ ਸੁਥਰੇ ਪਤਾਸੇ ਪੀਣ ਤੱਕ ਸੀਮਤ ਹੁੰਦੇ ਫਿਰ ਵੀ ਕੋਈ ਗੱਲ ਨਹੀਂ ਸੀ ਪਰ ਜਦੋਂ ਇਹੀ ਲੁੱਟਣ ਵਾਲਿਆਂ ਚ ,ਨਸ਼ਾ ਵੇਚਣ ਵਾਲਿਆ ਚ ,ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਆਲਿਆਂ ਚ ਤੇ ਹੋਰ 100 ਇਸ ਤਰਾਂ ਦੇ ਕੁਲੱਛਣਾ ਚ ਇਹ ਸੁਥਰੇ ਪੰਜਾਬ ਦੀ ਧਰਤੀ ਤੇ ਨੱਚਦੇ ਆ ਤਾਂ ਕੀ ਬੀਤਦੀ ਆ ਪੰਜਾਬ ਦੇ ਦਿਲ ਓਹੀ ਜਾਣਦਾ।।
ਮਾਨ ਸਾਬ ਤੁਸੀਂ ਕਿਰਪਾ ਕਰਕੇ ਇਸ ਤਰਾਂ ਦੇ ਸੁਥਰੇ ਨਾ ਬਣਿਓ।ਉਮਰ ਦੇ ਸਾਬ ਨਾਲ ਗੱਲ ਕਰੀਏ ਵੱਧ ਤੋਂ ਵੱਧ 40 ਸਾਲ ਹੱਥ ਚ ਹੋ ਸਕਦੇ ਆ ਤੇ ਇਹ ਜੇਹੜਾ ਸਮਾਂ ਮਿਲਿਆ ਰੁਤਬਾ ਮਿਲਿਆ ਇਹਦੀ ਵਰਤੋਂ ਕਰੋ ਪੰਜਾਬ ਲਈ ਵਰਤੋਂ ਕਰੋ ਨਿਰਭਉ ਹੋ ਕੇ ਪਰ ਜਿਵੇ ਕਿ ਵੇਖਣ ਨੂੰ ਮਿਲਦਾ ਤੁਸੀਂ ਵੀ ਕੋਈ ਵਾਹਲੇ ਸੰਜੀਦਾਂ ਨਹੀਂ ਜਾਪਦੇ ਪਤਾ ਨੀ ਤਾਂ ਤਹਾਨੂੰ ਭਰਮ ਆ ਕਿ ਕਾਮੇਡੀ ਵਾਗੂੰ ਤੁਸੀਂ ਲੋਕਾਂ ਨੂੰ ਗੱਲਾਂ ਸੁਣਾ ਸੁਣਾ ਮਗਰ ਲਾਈ ਰੱਖੋਗੇ ਜਾਂ ਤੁਹਾਡੇ ਰਾਜਨੀਤਿਕ ਗੁਰੂ ਐਨੇ ਚਾਣਕਿਆ ਆ ਕਿ ਤੁਸੀਂ ਸਭ ਹੁਣ ਖੁਦ ਓਹ ਕਰ ਰਹੇ ਹੋ ਜਿੰਨਾਂ ਗੱਲਾਂ ਦਾ ਵਿਰੋਧ ਤੁਸੀਂ ਆਪਣੇ ਕਾਮੇਡੀ ਕੈਰੀਅਰ ਦੇ ਦੌਰ ਜਾਂ ਜਦੋਂ ਪੰਜਾਬੀ ਦੀ ਰਾਜਨੀਤੀ ਚ ਆਏ ਸੀ ਓਦੋਂ ਕਰਦੇ ਸੀ।।ਪਰ ਪਾਵਰ ਹੱਥ ਚ ਆਉਣ ਤੇ ਆਏਂ ਜਾਪਦਾ ਤੁਸੀਂ ਜਲਦੀ ਈ ਹੱਥਾਂ ਪੈਰਾਂ ਚ ਆ ਗਏ।ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਭਗਵੰਤ ਮਾਨ ਤੁਸੀਂ ਬਹੁਤ ਹੀ ਦਬਾਅ ਚ ਕੰਮ ਕਰ ਰਹੇ ਹੋ। ਤੁਹਾਡੇ ਚੇਹਰੇ ਤੋਂ ਪੜਿਆ ਜਾ ਸਕਦਾ ਹੈ। ਜੇ ਇਸ ਤਰਾਂ ਈ ਚਲਦਾ ਰਿਹਾ ਤਾਂ ਬਹੁਤ ਸੰਭਾਵਨਾ ਜਾਂ ਤਾ ਤੁਸੀਂ ਇਸ ਦਬਾਅ ਦੇ ਆਦੀ ਹੋ ਜਾਓਗੇ ਤੇ ਹੋ ਸਕਦਾ ਤੁਸੀਂ ਇਸ ਦਬਾਅ ਦੇ ਵਿਰੋਧੀ ਹੋਣ ਜਾਵੋ ਜਿਸ ਦੇ ਬਹੁਤ ਘੱਟ ਚਾਂਸ ਹਨ। ਪਰ ਵਿਰੋਧੀ ਹੋਣ ਜਾਣਾ ਤੁਹਾਡੇ ਲਈ ਸਹੀ ਕਦਮ ਹੋਵੇਗਾ।।
ਮਾਨ ਸਾਬ ਗੌਰਮਿੰਟ ਸ਼ਬਦ ਆਪਣੇ ਆਪ ਚ ਤਾਕਤ ਰੱਖਦਾ।। ਜੇਕਰ ਸਰਕਾਰ ਮਿੰਟ ਮਿੰਟ ਤੇ ਗੌਰ ਕਰਨ ਲੱਗ ਜਾਵੇ ਤਾਂ ਓਸ ਨੂੰ ਹੋ ਸਕਦਾ ਆਉਣ ਵਾਲੇ ਅਗਲੇ ਪੰਜਾ ਸਾਲਾਂ ਲਈ ਵਾਹਲਾ ਪ੍ਰਚਾਰ ਨਾ ਕਰਨਾ ਪਵੇ ਲੋਕ ਘਰੇ ਬੈਠਿਆਂ ਨੂੰ ਈ ਬਹੁਮਤ ਦੇ ਜਾਣਗੇ ਪਰ ਸ਼ਰਤ ਆ ਜੇ ਪਿਛਲੇ ਪੰਜ ਸਾਲਾਂ ਚ ਮਿੰਟ ਮਿੰਟ ਛੱਡੋ ਘੰਟੇ ਛੱਡੋ ਜੇ ਗੌਰ+ਦਿਨ ਵੀ ਕਰਨਗੇ ਤਾਂ।।।ਹੁਣ ਪੰਜਾਬ ਥੋਡੇ ਮੂੰਹ ਵੱਲ ਵੇਖ ਰਿਹਾ ਗੌਰਮਿਟ ਕਦੋਂ ਗੌਰਦਿਨ ਬਣਦੀ ਆ।।
ਪੰਜਾਬ ਚ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ।ਪੰਜਾਬ ਚ ਬੇਅਦਬੀਆਂ ਦਾ ਵੋਟਾਂ ਨਾਲ ਕੋਈ ਸੰਬੰਧ ਨਹੀਂ ਇਹ ਸਿੱਧਾ ਸਿੱਖਾਂ ਓਤੇ ਅਟੈਕ ਹੈ,ਪਰ ਸਾਡੇ ਵਿਦਵਾਨ? ਧੱਕੇ ਨਾਲ ਹੀ ਵੋਟਾਂ ਨਾਲ ਜੋੜ ਰਹੇ ਆ,ਜਦ ਬੁਰਜ ਤੋ ਸਰੂਪ ਚੋਰੀ ਕੀਤਾ ਗਿਆ ਸੀ ਤਾਂ ਵੋਟਾਂ ਚ ਦੋ ਸਾਲ ਪਏ ਸੀ...ਪਟਿਆਲੇ ਦੇ ਕਲਿਆਣ ਪਿੰਡ ਚੋ ਸਫ਼ਰੀ ਸਰੂਪ ਚੋਰੀ ਹੋਏ ਨੂੰ ਲਗਭਗ ਦੋ ਸਾਲ ਹੋ ਚੱਲੇ ਕੀ ਇਹ ਵੀ ਵੋਟਾਂ ਨਾਲ ਜੁੜੀ ਗੱਲ ਐ,ਸਿੱਧੇ ਹਮਲੇ ਨੂੰ ਸਿੱਧਾ ਆਖੋ....ਬੇਅਦਬੀ ਮਸਲੇ ਤੇ ਸਰਕਾਰ ਤੇ ਸ੍ਰੋਮਣੀ ਕਮੇਟੀ ਜਵਾਬਦੇਹ ਹੈ।।ਪੰਜਾਬ ਦੇ ਸਾਰੇ ਗੁਰੂਘਰਾਂ ਦੀ ਗੋਲਕ ਇਕਠੀ ਕਰਨ ਤੋਂ ਬਾਅਦ ਵੀ ਕਮੇਟੀ ਬੇਅਦਬੀਆਂ ਵਾਲੇ ਮਸਲੇ ਤੇ ਮੂੰਹ ਚ ਘੁਗਣੀਆਂ ਪਾ ਲੈਂਦੀ ਹੈ।ਤੇ ਇੰਨੀ ਤਕਨੀਕ ਤੇ ਸਕਿਓਰਟੀ ਦੇ ਸਾਧਨ ਮਾਰਕੀਟ ਵਿੱਚ ਹੋਣ ਦੇ ਬਾਵਜੂਦ ਤੇ ਸ੍ਰੋਮਣੀ ਕਮੇਟੀ ਕੋਲ ਇੰਨਾਂ ਬਜਟ ਹੋਣ ਦੇ ਬਾਵਜੂਦ ਗੁਰੂਘਰਾ ਦੀ ਸੁਰਖਿਆ ਯਕੀਨੀ ਨਹੀਂ ਬਣਾ ਸਕੀ ।।ਕੀ ਪੰਜਾਬੀਆਂ ਨੂੰ ਨਹੀ ਪਤਾ ਕਿ ਮਲਿਕ ਭਾਗੋ ਏਹੀ ਹਨ।
ਦੋ ਤਿੰਨ ਦਿਨਾਂ ਤੋਂ ਅਖ਼ਬਾਰਾਂ ,ਟੀ ਵੀ ਚੈਨਲਾਂ ਖਾਸ ਕਰਕੇ ਸੋਸਲ ਮੀਡੀਏ ਉਪਰ ਇਕ ਪਾਸੇ ਪੰਜਾਬ ਦੀਆਂ ਅਪੋਜ਼ੀਸ਼ਨ ਪਾਰਟੀਆਂ ਵਲੋ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੀ ਹਮਾਇਤ ਕਰਨ ਲਈ ਉਤਰ ਆਉਣਾ। ਉਨ੍ਹਾਂ ਵਿਰੁੱਧ ਜੰਗ ਏ ਆਜ਼ਾਦੀ ਮੈਮੋਰੀਅਲ ਉਸਾਰੀ ਕਰਤਾਰ ਪੁਰ ਨੂੰ ਲੈਕੇ ਵਿਜੀਲੈਂਸ ਵਲੋਂ ਜਾਂਚ ਚਲ ਰਹੀ ਹੈ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਕ ਸੁਰ ਚ ਕਹਿ ਰਹੀਆਂ ਹਨ ਕਿ ਜੇ ਹਮਦਰਦ ਨੂੰ ਬੁਲਾਇਆ ਤਾਂ ਇਕ ਲਖ ਬੰਦਿਆਂ ਦਾ ਇੱਕਠ ਕਰਕੇ ਦਫ਼ਤਰ ਘੇਰਿਆ ਜਾਵੇਗਾ ਪਰ ਸੋਚਿਆ ਜਾਵੇ ਇਹ ਇਹਨਾਂ ਆਮ ਆਦਮੀ ਪਾਰਟੀ ਤੋਂ ਆਈਡੀਆ ਲਿਆ ਦਫਤਰ ਘੇਰਣ ਵਾਲਾ ਜਦੋ ਕਿ ਦਿੱਲੀ ਦੇ ਮੁੱਖ ਮੰਤਰੀ ਤ ਉਪ ਮੁੱਖ ਮੰੰਤਰੀ ਨੂੰ ਈ ਡੀ ਨੇ ਦਫ਼ਤਰ ਬੁਲਾਇਆ ਉਥੇ ਹਜ਼ਾਰਾਂ ਦਾ ਇੱਕਠ ਕਰਕੇ ਕਿਉਂ ਬੈਠੇ ? ਦਿੱਲੀ ਈ ਡੀ ਦੇ ਦਫਤਰ ਮੂਹਰੇ ਤਾਂ ਮਾਨ ਸਾਬ ਵੀ ਬੈਠੇ ਈ ਸੀ ਓਹੀ ਕੁਝ ਹੁਣ ਇੱਥੋਂ ਆਲੇ ਕਰ ਰਹੇ ਆ
ਦੂਜੇ ਪਾਸੇ ਆਮ ਆਦਮੀ ਪੰਜਾਬ ਸਰਕਾਰ ਤੇ ਉਨ੍ਹਾਂ ਦੇ ਪ੍ਰਚਾਰਕਾਂ ਵਲੋਂ ਸੋਸ਼ਲ ਮੀਡੀਏ ਉਪਰ ਕਾਂਵਾਂ ਰੌਲੀ ਪਾਈ ਗਈ ਕਿ ਨਵਜੋਤ ਸਿੱਧੂ ਤੇ ਬਿਕਰਮਜੀਤ ਸਿੰਘ ਮਜੀਠੀਆ ਵਲੋਂ ਜੱਫੀ ਪਾਕੇ ਆਵਦਾ ਜਲੂਸ ਕਢਿਆ ਹੈ ਕਿਉਂਕਿ ਉਹ ਇਕ ਦੂਜੇ ਨੂੰ ਰੋਜ ਸ਼ੂਪ ਪਿਆਉਂਦੇ ਪਿਆਂਉਦੇ ਜੱਫੀਆਂ ਪਾਉਣ ਲੱਗੇ।ਦੂਜਾ ਵਿਜੀਲੈਂਸ ਦੀ ਜਾਂਚ ਵਿਚ ਅੜਿਕਾ ਕਿਉ ਬਣ ਰਹੇ ਹਨ ? ਤੀਜਾ ਭਗਵੰਤ ਮਾਨ ਸਰਕਾਰ ਨੂੰ ਇਹ ਵੀ ਡਰ ਹੈ ਕਿਤੇ ਅਕਾਲੀ ਕਾਂਗਰਸੀ ਇਕਠੇ ਹੋਕੇ ਉਨ੍ਹਾਂ ਦੀ ਨਵੀਂ ਨਵੀਂ ਕਿਸ਼ਤੀ ਸਰਕਾਰ ਓਥੇ ਨਾ ਡੁਬੋ ਦੇਣ ਜਿੱਥੇ ਪਾਣੀ ਕਮ ਥਾ ।। ਇਸ ਲਈ ਹੱਲਾ ਮਚਾਉਣਾ ਤੇ ਹੰਗਾਮਾ ਖੜਾ ਕਰਨਾ ਮਜਬੂਰੀ ਬਣ ਗਿਆ ਹੈ ।
ਹੁਕਮਰਾਨ ਧੜਿਆਂ ਦਾ ਆਪਸੀ ਕਾਟੋ ਕਲੇਸ਼ ਸਿੱਖਰਾਂ ਉਪਰ ਪਹੁੰਚ ਗਿਆ ਹੈ । ਆਪਸ ਚ ਵਿੱਚ ਫੋਕੇ ਫਾਇਰ ਕਰ ਕਰ ਆਵਦਾ ਜਲੂਸ ਖੁਦ ਕੱਢਣ ਲਗੇ ਹਨ। ਇਹਨਾਂ ਚ ਮੈਚਊਰ ਇਕ ਵੀ ਨਜਰ ਨਹੀਂ ਆਉਂਦਾ।
ਪ੍ਰੈਸ ਤੇ ਮੀਡੀਆ ਹੁਕਮਰਾਨਾ ਦਾ ਚੋਥਾ ਥੰਮ ਹੈ ਨਾਂ ਕਿ ਕਿਸੇ ਲੋਕਤੰਤਰ ਦਾ । ਇਹ ਗਲ ਨੈਸ਼ਨਲ ਮੀਡੀਏ ਦੇ ਰੋਲ ਨੇ ਜੱਗ ਜ਼ਾਹਰ ਕਰ ਦਿੱਤੀ ਹੈ। ਤੇ ਪੰਜਾਬ ਚ ਹਮਦਰਦ ਵਾਲੇ ਕੇਸ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ।ਅਖਬਾਰ ਦੇ ਪ੍ਰਬੰਧਕੀ ਅਦਾਰੇ ਦੇ ਮੈਂਬਰ ਕਾਂਗਰਸੀ ਤੇ ਅਕਾਲੀ ਨੇਤਾ ਹੀ ਰਹੇ ਹਨ । ਇਸ ਲਈ ਭਗਵੰਤ ਮਾਨ ਸਰਕਾਰ ਵਲੋਂ ਉਨ੍ਹਾਂ ਦੇ ਪੈਰਾਂ ਹੇਠੋਂ ਚੋਥੇ ਥੰਮ ਨੂੰ ਆਪਣੇ ਆਮ ਆਦਮੀ ਪਾਰਟੀ ਥੱਲੇ ਲਾਉਣ ਨੂੰ ਕਾਹਲੀ ਹੈ।
ਓਸ਼ੋ ਨੇ ਇਕ ਵਾਰ ਕਿਹਾ ਸੀ ਕਿ ਜੇ ਰਾਜਨੀਤਿਕ ਤੁਹਾਡਾ ਬਾਪ ਵੀ ਹੈ ਫਿਰ ਵੀ ਉਸ ਦਾ ਯਕੀਨ ਕਦੇ ਨਹੀਂ ਕਰਨਾ। ਕੇਜਰੀਵਾਲ ਸਾਹਿਬ ਨੇ ਬਿਕਰਮ ਮਜੀਠੀਆ ਤੋਂ ਲਿਖਤੀ ਮੁਆਫੀ ਮੰਗ ਕੇ ਜੱਫੀ ਪਾਉਣ ਤੋਂ ਅਗੇ ਲੰਘ ਗਏ ਸੀ । ਪਿਛੇ ਜਿਹੇ ਮੁੱਖ ਮੰਤਰੀ ਭਗਵੰਤ ਮਾਨ ਨਾਲੇ ਮੰਤਰੀ ਅਮਿਤ ਸ਼ਾਹ ਨੂੰ ਜੱਫੀ ਪਾ ਆਏ ਨਾਲੇ ਕੇਦਰੀ ਬਲਾਂ ਦੀਆ ਕੰਪਨੀਆਂ ਲੈ ਆਏ । ਫੇਰ ਭਾਜਪਾ ਕੇਂਦਰ ਸਰਕਾਰ ਤੋਂ ਕਰਜ਼ਾ ਲੈਣ ਲਈ ਹੱਥ ਮਿਲਾਉਣ ਜੱਫੀਆਂ ਪਾਉਣ ਪਹੰਚ ਗਏ । ਜਿਉ ਜਿਉ ਲੋਕ ਸਭਾ ਦੀਆ ਚੋਣਾਂ ਨੇੜੇ ਆਉਂਦੀਆਂ ਜਾਣਗੀਆਂ ਇਨ੍ਹਾਂ ਦਾ ਆਪਸੀ ਕਾਟੋ ਕਲੇਸ਼ ਹੋਰ ਤਿੱਖਾ ਹੁੰਦਾ ਜਾਵੇਗਾ ।
ਪੰਜਾਬੀਆਂ ਨੂੰ ਭੜਕਾਉਣ ਲਈ ਇਹ ਸਭ ਇਕ ਥੈਲੀ ਦੇ ਚੱਟੇ ਵੱਟੇ ਨਵੇਂ ਨਵੇਂ ਥੋਥੇ ਮੁੱਦਿਆਂ ਨਾਲ ਆਮ ਜਨਤਾ ਦਾ ਫਿਰ ਤੋਂ ਭੋਂਪੂ ਬਣਾਉਣਗੇ ਤੇ ਆਮ ਜੰਤਾ ਨੂੰ ਇਨ੍ਹਾਂ ਦੀ ਆਪਸੀ ਲੜਾਈ ਵਿੱਚੋਂ ਕੁੱਝ ਵੀ ਹਾਸਲ ਨਹੀਂ ਹੋਵੇਗਾ ।
ਪੰਜਾਬ ਜਵਾਬ ਮੰਗਦਾ
ਪੰਜਾਬ ਸਿੰਘ ਨੂੰ ਤੇ ਪੰਜਾਬੀਅਤ ਨੂੰ ਆਸ ਹੈ ਕਿ ਕਦੇ ਤਾਂ ਕੋਈ ਓਹਦਾ ਸੱਚਾ ਪੁਤਰ ਆਵੇਗਾ ਜੋ ਸਹੀ ਮਾਅਣਿਆ ਚ ਪੰਜਾਬ ਦਾ ਹੀ ਹੋਏਗਾ।। ਕਈ ਵਾਰੀ ਤਾਂ ਮੈਨੂੰ ਇਹ ਲੀਡਰ ਆਪਸ ਚ ਮਹਿਣੋ ਮਹਿਣੀ ਹੁੰਦੇ ਵੇਖ ਆਏਂ ਲਗਦਾ ਕਿ ਇਹ ਤਾਂ ਜਨਾਨੀਆਂ ਨਾਲੋ ਟੱਪ ਗਏ ।।ਇਹ ਠੀਕ ਆ ਕਿ ਹਰ ਇਕ ਨੂੰ ਆਪਦਾ ਸੈਲਫ ਡਿਫੈਂਸ ਦਾ ਅਧਿਕਾਰ ਹੈ ਪਰ ਇਹ ਕਿੱਥੇ ਲਿਖਿਆ ਕਿ ਤੁਸੀਂ ਬਹਾਨਾ ਸੈਲਫ ਡਿਫੈਂਸ ਦਾ ਕਰਕੇ ਲੋਕਾਂ ਦਾ ਬੇਵਕੂਫ ਖਿੱਚ ਰਹੇ ਹੋ।।ਬਹੁਤ ਹੋ ਗਿਆ ਨਹੀਂ ਸੁਨਣੀਆਂ ਮੇਰੇ ਪੰਜਾਬ ਨੇ ਤੁਹਾਡੀਆਂ ਮਾਰੀਆਂ ਚਵਲਾਂ।।ਤੁਹਾਡੇ ਕੋਲ ਆਪਸ ਚ ਸਾਰਿਆਂ ਦੇ ਫੋਨ ਨੰਬਰ ਹਨ ਘਰ ਪਤਾ ਇਕ ਦੂਜੇ ਦੇ ਆਪਸ ਚ ਜਾਓ ਪੱਟੋ ਜੂੰਡੇ ਇਕ ਦੂਜੇ ਦੇ ਜੋ ਮਰਜੀ ਕਰੋ ਪਰ ਜੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮਾਣ ਦਿੱਤਾ ਤਾਂ ਤੁਸੀਂ ਇਹਦਾ ਹੱਕ ਅਦਾ ਕਰੋ।।।ਨਹੀਂ ਤਾਂ ਓਹ ਸਮਾਂ ਦੂਰ ਨਹੀਂ ਜਦੋਂ ਤੁਹਾਨੂੰ ਕਿਸੇ ਨੇ ਬੇਰਾਂ ਵੱਟੇ ਨੀ ਸਿਆਣਨਾ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇਹਦਾ ਸੰਤਾਪ ਲੈ ਕੇ ਬੈਠੂ ਸਾਰੇ ਓਹਨਾ ਦੋਗਲੇ ਬੰਦਿਆਂ ਨੂੰ ਜਿੰਨਾ ਕਿਸੇ ਵੀ ਤਰਾਂ ਇਸ ਪਵਿੱਤਰ ਭੂਮੀ ਨਾਲ ਧ੍ਰੋਹ ਕਮਾਇਆ।
ਧੰਨਵਾਦ ਸਿਰਫ ਲੋਕਾਂ ਦਾ ਲੀਡਰਾਂ ਦਾ ਨਹੀਂ
ਜਗਦੀਪ ਸਿੰਘ ਧੁੰਨਾ
+917988202029
https://youtube.com/@AzadAwazENB
Comments
Post a Comment